ਅਧਿਆਇ 10 ਨਵੇਂ ਇਲਾਕੇ ਵਿੱਚ

ਅਰੁਣ ਕਮਲ (1954)

ਅਰੁਣ ਕਮਲ ਦਾ ਜਨਮ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਨਾਸਰੀਗੰਜ ਵਿੱਚ 15 ਫਰਵਰੀ 1954 ਨੂੰ ਹੋਇਆ। ਇਹ ਇਨ੍ਹਾਂ ਦਿਨਾਂ ਵਿੱਚ ਪਟਨਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ। ਇਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਹੋਰ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਨੇ ਕਵਿਤਾ-ਲੇਖਣ ਤੋਂ ਇਲਾਵਾ ਕਈ ਪੁਸਤਕਾਂ ਅਤੇ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਹੈ।

ਅਰੁਣ ਕਮਲ ਦੀਆਂ ਪ੍ਰਮੁੱਖ ਕ੍ਰਿਤੀਆਂ ਹਨ : ਅਪਨੀ ਕੇਵਲ ਧਾਰ, ਸਬੂਤ, ਨਵੇਂ ਇਲਾਕੇ ਵਿੱਚ, ਪੁਤਲੀ ਵਿੱਚ ਸੰਸਾਰ (ਚਾਰੇ ਕਵਿਤਾ-ਸੰਗ੍ਰਹਿ) ਤੇ ਕਵਿਤਾ ਅਤੇ ਸਮਾਂ (ਆਲੋਚਨਾਤਮਕ ਕ੍ਰਿਤੀ)। ਇਨ੍ਹਾਂ ਤੋਂ ਇਲਾਵਾ ਅਰੁਣ ਕਮਲ ਨੇ ਮਾਇਕੋਵਸਕੀ ਦੀ ਆਤਮਕਥਾ ਅਤੇ ਜੰਗਲ ਬੁੱਕ ਦਾ ਹਿੰਦੀ ਵਿੱਚ ਅਤੇ ਹਿੰਦੀ ਦੇ ਨੌਜਵਾਨ ਕਵੀਆਂ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ, ਜੋ ‘ਵੌਇਸਿਜ਼’ ਨਾਂ ਨਾਲ ਪ੍ਰਕਾਸ਼ਿਤ ਹੋਇਆ।

ਅਰੁਣ ਕਮਲ ਦੀਆਂ ਕਵਿਤਾਵਾਂ ਵਿੱਚ ਨਵੇਂ ਬਿੰਬ, ਬੋਲਚਾਲ ਦੀ ਭਾਸ਼ਾ, ਖੜੀ ਬੋਲੀ ਦੇ ਅਨੇਕ ਲੈਅ-ਛੰਦਾਂ ਦਾ ਸਮਾਵੇਸ਼ ਹੈ। ਇਨ੍ਹਾਂ ਦੀਆਂ ਕਵਿਤਾਵਾਂ ਜਿੰਨੀਆਂ ਆਪਬੀਤੀ ਹਨ, ਓਨੀਆਂ ਹੀ ਜਗਬੀਤੀ ਵੀ। ਇਨ੍ਹਾਂ ਦੀਆਂ ਕਵਿਤਾਵਾਂ ਵਿੱਚ ਜੀਵਨ ਦੇ ਵਿਵਿਧ ਖੇਤਰਾਂ ਦਾ ਚਿਤਰਣ ਹੈ। ਇਸ ਵਿਵਿਧਤਾ ਦੇ ਕਾਰਨ ਇਨ੍ਹਾਂ ਦੀ ਭਾਸ਼ਾ ਵਿੱਚ ਵੀ ਵਿਵਿਧਤਾ ਦੇ ਦਰਸ਼ਨ ਹੁੰਦੇ ਹਨ। ਇਹ ਬਹੁਤ ਕੁਸ਼ਲਤਾ ਅਤੇ ਸਹਿਜਤਾ ਨਾਲ ਜੀਵਨ-ਪ੍ਰਸੰਗਾਂ ਨੂੰ ਕਵਿਤਾ ਵਿੱਚ ਰੂਪਾਂਤਰਿਤ ਕਰ ਦਿੰਦੇ ਹਨ। ਇਨ੍ਹਾਂ ਦੀ ਕਵਿਤਾ ਵਿੱਚ ਵਰਤਮਾਨ ਸ਼ੋਸ਼ਣਮੂਲਕ ਵਿਵਸਥਾ ਦੇ ਖਿਲਾਫ਼ ਆਕ੍ਰੋਸ਼, ਨਫ਼ਰਤ ਅਤੇ ਉਸਨੂੰ ਉਲਟਾ ਕੇ ਇੱਕ ਨਵੀਂ ਮਾਨਵੀ ਵਿਵਸਥਾ ਦਾ ਨਿਰਮਾਣ ਕਰਨ ਦੀ ਆਕੁਲਤਾ ਸਰਵਤਰ ਦਿਖਾਈ ਦਿੰਦੀ ਹੈ।

ਪ੍ਰਸਤੁਤ ਪਾਠ ਦੀ ਪਹਿਲੀ ਕਵਿਤਾ ‘ਨਵੇਂ ਇਲਾਕੇ ਵਿੱਚ’ ਵਿੱਚ ਇੱਕ ਅਜਿਹੀ ਦੁਨੀਆ ਵਿੱਚ ਪ੍ਰਵੇਸ਼ ਦਾ ਸੱਦਾ ਹੈ, ਜੋ ਇੱਕ ਹੀ ਦਿਨ ਵਿੱਚ ਪੁਰਾਣੀ ਪੈ ਜਾਂਦੀ ਹੈ। ਇਹ ਇਸ ਗੱਲ ਦਾ ਬੋਧ ਕਰਾਉਂਦੀ ਹੈ ਕਿ ਜੀਵਨ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ। ਇਸ ਪਲ-ਪਲ ਬਣਦੀ-ਬਿਗੜਦੀ ਦੁਨੀਆ ਵਿੱਚ ਯਾਦਾਂ ਦੇ ਭਰੋਸੇ ਨਹੀਂ ਜਿਆ ਜਾ ਸਕਦਾ। ਇਸ ਪਾਠ ਦੀ ਦੂਜੀ ਕਵਿਤਾ ‘ਖੁਸ਼ਬੂ ਰਚਦੇ ਹਨ ਹੱਥ’ ਸਮਾਜਿਕ ਵਿਸਮਤਾਵਾਂ ਨੂੰ ਬੇਨਕਾਬ ਕਰਦੀ ਹੈ। ਇਹ ਕਿਸਦੀ ਅਤੇ ਕਿਸ ਕਿਸਮ ਦੀ ਕਾਰਸਤਾਨੀ ਹੈ ਕਿ ਜੋ ਵਰਗ ਸਮਾਜ ਵਿੱਚ ਸੁੰਦਰਤਾ ਦੀ ਸਿਰਜਣਾ ਕਰ ਰਿਹਾ ਹੈ ਅਤੇ ਉਸਨੂੰ ਖੁਸ਼ਹਾਲ ਬਣਾ ਰਿਹਾ ਹੈ, ਉਹੀ ਵਰਗ ਅਭਾਵ ਵਿੱਚ, ਗੰਦਗੀ ਵਿੱਚ ਜੀਵਨ ਬਸਰ ਕਰ ਰਿਹਾ ਹੈ? ਲੋਕਾਂ ਦੇ ਜੀਵਨ ਵਿੱਚ ਸੁਗੰਧ ਬਿਖੇਰਨ ਵਾਲੇ ਹੱਥ ਭਿਆਨਕ ਹਾਲਤਾਂ ਵਿੱਚ ਆਪਣਾ ਜੀਵਨ ਬਿਤਾਉਣ ‘ਤੇ ਮਜਬੂਰ ਹਨ! ਕੀ ਵਿਡੰਬਨਾ ਹੈ ਕਿ ਖੁਸ਼ਬੂ ਰਚਣ ਵਾਲੇ ਇਹ ਹੱਥ ਦੂਰ-ਦੁਰਾਡੇ ਦੇ ਸਭ ਤੋਂ ਗੰਦੇ ਅਤੇ ਬਦਬੂਦਾਰ ਇਲਾਕਿਆਂ ਵਿੱਚ ਜੀਵਨ ਬਿਤਾ ਰਹੇ ਹਨ। ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਇਹ ਲੋਕ ਇੰਨੇ ਉਪੇਕਸ਼ਿਤ ਹਨ! ਆਖ਼ਿਰ ਕਦ ਤੱਕ?

(1) ਨਵੇਂ ਇਲਾਕੇ ਵਿੱਚ

ਇਨ੍ਹਾਂ ਨਵੇਂ ਬਸਦੇ ਇਲਾਕਿਆਂ ਵਿੱਚ ਜਿੱਥੇ ਰੋਜ਼ ਬਣ ਰਹੇ ਹਨ ਨਵੇਂ-ਨਵੇਂ ਮਕਾਨ ਮੈਂ ਅਕਸਰ ਰਾਹ ਭੁੱਲ ਜਾਂਦਾ ਹਾਂ

ਧੋਖਾ ਦੇ ਜਾਂਦੇ ਹਨ ਪੁਰਾਣੇ ਨਿਸ਼ਾਨ ਖੋਜਦਾ ਹਾਂ ਤਾਕਦਾ ਪੀਪਲ ਦਾ ਰੁੱਖ ਖੋਜਦਾ ਹਾਂ ਢਹਿਆ ਹੋਇਆ ਘਰ ਅਤੇ ਜ਼ਮੀਨ ਦਾ ਖਾਲੀ ਟੁਕੜਾ ਜਿੱਥੋਂ ਬਾਏਂ ਮੁੜਨਾ ਸੀ ਮੈਨੂੰ ਫਿਰ ਦੋ ਮਕਾਨ ਬਾਅਦ ਬਿਨਾਂ ਰੰਗ ਵਾਲੇ ਲੋਹੇ ਦੇ ਫਾਟਕ ਦਾ ਘਰ ਸੀ ਇਕਮੰਜ਼ਿਲਾ

ਅਤੇ ਮੈਂ ਹਰ ਵਾਰ ਇੱਕ ਘਰ ਪਿੱਛੇ ਚਲ ਦਿੰਦਾ ਹਾਂ ਜਾਂ ਦੋ ਘਰ ਅੱਗੇ ਠਕਮਕਾਉਂਦਾ

ਇੱਥੇ ਰੋਜ਼ ਕੁਝ ਬਣ ਰਿਹਾ ਹੈ ਰੋਜ਼ ਕੁਝ ਘਟ ਰਿਹਾ ਹੈ ਇੱਥੇ ਯਾਦ ਦਾ ਭਰੋਸਾ ਨਹੀਂ

ਇੱਕ ਹੀ ਦਿਨ ਵਿੱਚ ਪੁਰਾਣੀ ਪੈ ਜਾਂਦੀ ਹੈ ਦੁਨੀਆ ਜਿਵੇਂ ਬਸੰਤ ਦਾ ਗਿਆ ਪਤਝੜ ਨੂੰ ਲੌਟਿਆ ਹਾਂ ਜਿਵੇਂ ਵੈਸਾਖ ਦਾ ਗਿਆ ਭਾਦੋਂ ਨੂੰ ਲੌਟਿਆ ਹਾਂ ਹੁਣ ਇਹੀ ਹੈ ਉਪਾਅ ਕਿ ਹਰ ਦਰਵਾਜ਼ਾ ਖੜਕਾਓ ਅਤੇ ਪੁੱਛੋ- ਕੀ ਇਹੀ ਹੈ ਓਹ ਘਰ?

ਸਮਾਂ ਬਹੁਤ ਘੱਟ ਹੈ ਤੁਹਾਡੇ ਕੋਲ ਆ ਚਲਿਆ ਪਾਣੀ ਢਹਿ ਆ ਰਿਹਾ ਹੈ ਅਕਾਸ ਸ਼ਾਇਦ ਪੁਕਾਰ ਲਵੇ ਕੋਈ ਪਛਾਣਿਆ ਉੱਪਰੋਂ ਦੇਖ ਕੇ।

(2) ਖੁਸ਼ਬੂ ਰਚਦੇ ਹਨ ਹੱਥ

ਕਈ ਗਲੀਆਂ ਦੇ ਵਿਚਕਾਰ ਕਈ ਨਾਲਿਆਂ ਦੇ ਪਾਰ ਕੂੜੇ-ਕਰਕਟ ਦੇ ਢੇਰਾਂ ਦੇ ਬਾਅਦ ਬਦਬੂ ਤੋਂ ਫੱਟਦੇ ਜਾਂਦੇ ਇਸ ਟੋਲੇ ਦੇ ਅੰਦਰ ਖੁਸ਼ਬੂ ਰਚਦੇ ਹਨ ਹੱਥ ਖੁਸ਼ਬੂ ਰਚਦੇ ਹਨ ਹੱਥ।

ਉਭਰੀਆਂ ਨਾੜਾਂ ਵਾਲੇ ਹੱਥ ਘਿਸੇ ਨਹੁੰ ਵਾਲੇ ਹੱਥ ਪੀਪਲ ਦੇ ਪੱਤੇ-ਵਰਗੇ ਨਵੇਂ-ਨਵੇਂ ਹੱਥ ਜੂਹੀ ਦੀ ਡਾਲ-ਵਰਗੇ ਖੁਸ਼ਬੂਦਾਰ ਹੱਥ

ਗੰਦੇ ਕੱਟੇ-ਪਿਟੇ ਹੱਥ ਜ਼ਖ਼ਮਾਂ ਤੋਂ ਫੱਟੇ ਹੋਏ ਹੱਥ ਖੁਸ਼ਬੂ ਰਚਦੇ ਹਨ ਹੱਥ ਖੁਸ਼ਬੂ ਰਚਦੇ ਹਨ ਹੱਥ।

ਇੱਥੇ ਹੀ ਇਸ ਗਲੀ ਵਿੱਚ ਬਣਦੀਆਂ ਹਨ ਮੁਲਕ ਦੀਆਂ ਮਸ਼ਹੂਰ ਅਗਰਬੱਤੀਆਂ ਇਨ੍ਹਾਂ ਹੀ ਗੰਦੇ ਮੁਹੱਲਿਆਂ ਦੇ ਗੰਦੇ ਲੋਕ ਬਣਾਉਂਦੇ ਹਨ ਕੇਵੜਾ ਗੁਲਾਬ ਖਸ ਅਤੇ ਰਾਤਰਾਨੀ ਅਗਰਬੱਤੀਆਂ

ਦੁਨੀਆ ਦੀ ਸਾਰੀ ਗੰਦਗੀ ਦੇ ਵਿਚਕਾਰ ਦੁਨੀਆ ਦੀ ਸਾਰੀ ਖੁਸ਼ਬੂ ਰਚਦੇ ਰਹਿੰਦੇ ਹਨ ਹੱਥ

ਖੁਸ਼ਬੂ ਰਚਦੇ ਹਨ ਹੱਥ ਖੁਸ਼ਬੂ ਰਚਦੇ ਹਨ ਹੱਥ।

ਪ੍ਰਸ਼ਨ-ਅਭਿਆਸ

1. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-

(ਕ) ਨਵੇਂ ਬਸਦੇ ਇਲਾਕੇ ਵਿੱਚ ਕਵੀ ਰਾਹ ਕਿਉਂ ਭੁੱਲ ਜਾਂਦਾ ਹੈ?

(ਖ) ਕਵਿਤਾ ਵਿੱਚ ਕਿਹੜੇ-ਕਿਹੜੇ ਪੁਰਾਣੇ ਨਿਸ਼ਾਨਾਂ ਦਾ ਜ਼ਿਕਰ ਕੀਤਾ ਗਿਆ ਹੈ?

(ਗ) ਕਵੀ ਇੱਕ ਘਰ ਪਿੱਛੇ ਜਾਂ ਦੋ ਘਰ ਅੱਗੇ ਕਿਉਂ ਚਲ ਦਿੰਦਾ ਹੈ?

(ਘ) ‘ਬਸੰਤ ਦਾ ਗਿਆ ਪਤਝੜ’ ਅਤੇ ‘ਵੈਸਾਖ ਦਾ ਗਿਆ ਭਾਦੋਂ ਨੂੰ ਲੌਟਿਆ’ ਤੋਂ ਕੀ ਭਾਵ ਹੈ?

(ਙ) ਕਵੀ ਨੇ ਇਸ ਕਵਿਤਾ ਵਿੱਚ ‘ਸਮੇਂ ਦੀ ਕਮੀ’ ਵੱਲ ਕਿਉਂ ਇਸ਼ਾਰਾ ਕੀਤਾ ਹੈ?

(ਚ) ਇਸ ਕਵਿਤਾ ਵਿੱਚ ਕਵੀ ਨੇ ਸ਼ਹਿਰਾਂ ਦੀ ਕਿਹੜੀ ਵਿਡੰਬਨਾ ਵੱਲ ਸੰਕੇਤ ਕੀਤਾ ਹੈ?

2. ਵਿਆਖਿਆ ਕਰੋ-

(ਕ) ਇੱਥੇ ਯਾਦ ਦਾ ਭਰੋਸਾ ਨਹੀਂ ਇੱਕ ਹੀ ਦਿਨ ਵਿੱਚ ਪੁਰਾਣੀ ਪੈ ਜਾਂਦੀ ਹੈ ਦੁਨੀਆ

(ਖ) ਸਮਾਂ ਬਹੁਤ ਘੱਟ ਹੈ ਤੁਹਾਡੇ ਕੋਲ ਆ ਚਲਿਆ ਪਾਣੀ ਢਹਿ ਆ ਰਿਹਾ ਹੈ ਅਕਾਸ ਸ਼ਾਇਦ ਪੁਕਾਰ ਲਵੇ ਕੋਈ ਪਛਾਣਿਆ ਉੱਪਰੋਂ ਦੇਖ ਕੇ

ਯੋਗਤਾ-ਵਿਸਤਾਰ

ਪਾਠ ਵਿੱਚ ਹਿੰਦੀ ਮਹੀਨਿਆਂ ਦੇ ਕੁਝ ਨਾਂ ਆਏ ਹਨ। ਤੁਸੀਂ ਸਾਰੇ ਹਿੰਦੀ ਮਹੀਨਿਆਂ ਦੇ ਨਾਂ ਕ੍ਰਮਵਾਰ ਲਿਖੋ।

(2) ਖੁਸ਼ਬੂ ਰਚਦੇ ਹਨ ਹੱਥ

1. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-

(ਕ) ‘ਖੁਸ਼ਬੂ ਰਚਣ ਵਾਲੇ ਹੱਥ’ ਕਿਸ ਕਿਸਮ ਦੀਆਂ ਹਾਲਤਾਂ ਵਿੱਚ ਅਤੇ ਕਿੱਥੇ-ਕਿੱਥੇ ਰਹਿੰਦੇ ਹਨ?

(ਖ) ਕਵਿਤਾ ਵਿੱਚ ਕਿੰਨੇ ਕਿਸਮ ਦੇ ਹੱਥਾਂ ਦੀ ਚਰਚਾ ਹੋਈ ਹੈ?

(ਗ) ਕਵੀ ਨੇ ਇਹ ਕਿਉਂ ਕਿਹਾ ਹੈ ਕਿ ‘ਖੁਸ਼ਬੂ ਰਚਦੇ ਹਨ ਹੱਥ’?

(ਘ) ਜਿੱਥੇ ਅਗਰਬੱਤੀਆਂ ਬਣਦੀਆਂ ਹਨ, ਉੱਥੋਂ ਦਾ ਮਾਹੌਲ ਕਿਹੋ ਜਿਹਾ ਹੁੰਦਾ ਹੈ?

(ਙ) ਇਸ ਕਵਿਤਾ ਨੂੰ ਲਿਖਣ ਦਾ ਮੁੱਖ ਉਦੇਸ਼ ਕੀ ਹੈ?

2. ਵਿਆਖਿਆ ਕਰੋ-

(ਕ) (i) ਪੀਪਲ ਦੇ ਪੱਤੇ-ਵਰਗੇ ਨਵੇਂ-ਨਵੇਂ ਹੱਥ ਜੂਹੀ ਦੀ ਡਾਲ-ਵਰਗੇ ਖੁਸ਼ਬੂਦਾਰ ਹੱਥ

(ii) ਦੁਨੀਆ ਦੀ ਸਾਰੀ ਗੰਦਗੀ ਦੇ ਵਿਚਕਾਰ ਦੁਨੀਆ ਦੀ ਸਾਰੀ ਖੁਸ਼ਬੂ ਰਚਦੇ ਰਹਿੰਦੇ ਹਨ ਹੱਥ

(ਖ) ਕਵੀ ਨੇ ਇਸ ਕਵਿਤਾ ਵਿੱਚ ‘ਬਹੁ-ਵਚਨ’ ਦਾ ਪ੍ਰਯੋਗ ਵੱਧ ਕੀਤਾ ਹੈ? ਇਸਦਾ ਕੀ ਕਾਰਨ ਹੈ?

(ਗ) ਕਵੀ ਨੇ ਹੱਥਾਂ ਲਈ ਕਿਹੜੇ-ਕਿਹੜੇ ਵਿਸ਼ੇਸ਼ਣਾਂ ਦਾ ਪ੍ਰਯੋਗ ਕੀਤਾ ਹੈ?

ਯੋਗਤਾ-ਵਿਸਤਾਰ

ਅਗਰਬੱਤੀ ਬਣਾਉਣਾ, ਮਾਚਿਸ ਬਣਾਉਣਾ, ਮੋਮਬੱਤੀ ਬਣਾਉਣਾ, ਲਿਫ਼ਾਫ਼ੇ ਬਣਾਉਣਾ, ਪਾਪੜ ਬਣਾਉਣਾ, ਮਸਾਲੇ ਕੁੱਟਣਾ ਆਦਿ ਲਘੂ ਉਦਯੋਗਾਂ ਬਾਰੇ ਜਾਣਕਾਰੀ ਇਕੱਠੀ ਕਰੋ।

ਸ਼ਬਦਾਰਥ ਅਤੇ ਟਿੱਪਣੀਆਂ ਟਿੱਪਣੀਆਂ

ਇਲਾਕਾ - ਖੇਤਰ
ਅਕਸਰ - ਪ੍ਰਾਇ, ਬਹੁਧਾ
ਤਾਕਦਾ - ਦੇਖਦਾ
ਢਹਿਆ - ਡਿੱਗਿਆ ਹੋਇਆ, ਧਵਸਤ
ਠਕਮਕਾਉਂਦਾ - ਹੌਲੀ-ਹੌਲੀ, ਡਗਮਗਾਉਂਦੇ ਹੋਏ
ਯਾਦ - ਸਮਰਣ
ਬਸੰਤ - ਛੇ ਰੁੱਤਾਂ ਵਿੱਚੋਂ ਇੱਕ
ਪਤਝੜ - ਇੱਕ ਰੁੱਤ ਜਦੋਂ ਰੁੱਖਾਂ ਦੇ ਪੱਤੇ ਝੜਦੇ ਹਨ
ਵੈਸਾਖ ( ਵੈਸ਼ਾਖ ) - ਚੇਤ (ਚੈਤਰ) ਦੇ ਬਾਅਦ ਆਉਣ ਵਾਲਾ ਮਹੀਨਾ
ਭਾਦੋਂ - ਸਾਵਣ ਦੇ ਬਾਅਦ ਆਉਣ ਵਾਲਾ ਮਹੀਨਾ
ਅਕਾਸ ( ਆਕਾਸ਼ ) - ਗਗਨ
ਨਾਲੇ - ਘਰਾਂ ਅਤੇ ਸੜਕਾਂ ਦੇ ਕਿਨਾਰੇ ਗੰਦੇ ਪਾਣੀ ਦੇ ਵਹਾਅ ਲਈ
- ਬਣਾਇਆ ਗਿਆ ਰਾਹ
ਕੂੜਾ-ਕਰਕਟ - ਰੱਦੀ, ਕੂੜਾ
ਟੋਲਾ - ਛੋਟੀ ਬਸਤੀ
ਜ਼ਖ਼ਮ - ਘਾਵ, ਚੋਟ
ਮੁਲਕ - ਦੇਸ਼
ਕੇਵੜਾ - ਇੱਕ ਛੋਟਾ ਰੁੱਖ ਜਿਸਦੇ ਫੁੱਲ ਆਪਣੀ ਸੁਗੰਧ ਲਈ ਪ੍ਰਸਿੱਧ ਹਨ
ਖਸ - ਪੋਸਤਾ
ਰਾਤਰਾਨੀ - ਇੱਕ ਸੁਗੰਧਿਤ ਫੁੱਲ
ਮਸ਼ਹੂਰ - ਪ੍ਰਸਿੱਧ